ਔਰੰਗਾਬਾਦ(ਬਿਹਾਰ–ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਦਿੱਲੀ ਚਲੋ’ ਮਾਰਚ ਦੇ ਹਵਾਲੇ ਨਾਲ ਅੱਜ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ਵਿਚ ਨਿੱਤਰਦਿਆਂ ਅੰਨਦਾਤੇ ਦੀ ਤੁਲਨਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਲੜ ਰਹੇ ਫੌਜੀਆਂ ਨਾਲ ਕੀਤੀ। ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ, ਜਿੱਥੋਂ ਉਨ੍ਹਾਂ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਇਕ ਦਿਨ ਦੀ ਬ੍ਰੇਕ ਮਗਰੋਂ ਮੁੜ ਸ਼ੁਰੂ ਹੋਈ, ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂਪੀਏ ਸਰਕਾਰ ਵੱਲੋਂ ਕਿਸਾਨੀ ਕਰਜ਼ਿਆਂ ’ਤੇ ਮਾਰੀ ਲੀਕ ਨੂੰ ਯਾਦ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਸਿਰਫ਼ ਧਨਾਢਾਂ ਲਈ ਹੀ ਕੰਮ ਕਰਦੀ ਹੈ।
ਗਾਂਧੀ ਨੇ ਜ਼ੋਰ ਦੇ ਕੇ ਆਖਿਆ, ‘‘ਦਿੱਲੀ ਕੂਚ ਕਰਨ ਵਾਲੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇੇ ਪੰਜਾਬ-ਹਰਿਆਣਾ ਸਰਹੱਦ ’ਤੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਹਨ। ਇਕ ਅਜਿਹੇ ਹੀ ਕਿਸਾਨ, ਜਿਸ ਦੇ ਚਿਹਰੇ ’ਤੇ ਰਬੜ ਦੀਆਂ ਗੋਲੀਆਂ ਲੱਗੀਆਂ, ਮੈਨੂੰ ਮਿਲਿਆ। ਮੈਂ ਉਸ ਨੂੰ ਕਿਹਾ ਤੁਸੀਂ ਕੁਝ ਵੀ ਗ਼ਲਤ ਨਹੀਂ ਕਰ ਰਹੇ। ਤੁਸੀਂ ਦੇਸ਼ ਲਈ ਲੜ ਰਹੇ ਹੋ, ਜਿਵੇਂ ਕਿ ਫੌਜੀ ਦੇਸ਼ ਦੀਆਂ ਸਰਹੱਦਾਂ ’ਤੇ ਲੜਦੇ ਹਨ।’’ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਖਰਲੇ ਅਮੀਰਾਂ (ਸੁਪਰ-ਰਿਚ) ਦੇ 14 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਦੋਂਕਿ ਪਿੰਡਾਂ ਦੇ ਗਰੀਬ ਗੁਰਬੇ ਲਈ ਬਣੀ ਸਕੀਮ ‘ਮਗਨਰੇਗਾ’ ਤਹਿਤ ਸਿਰਫ਼ 70,000 ਕਰੋੜ ਰੁਪਏ ਹੀ ਖਰਚੇ ਜਾ ਰਹੇ ਹਨ। ਕਾਂਗਰਸ ਐੱਮਪੀ ਨੇ ਕਿਹਾ, ‘‘ਧਿਆਨ ਭਟਕਾਉੁਣ ਲਈ (ਪ੍ਰਧਾਨ ਮੰਤਰੀ) ਮੋਦੀ ਨੇ ਇਕ ਟੀਮ ਬਣਾਈ ਹੈ, ਜਿਸ ਵਿਚ ਉਨ੍ਹਾਂ ਨਾਲ ਸੁਪਰ-ਰਿਚ ਤੇ ਮੀਡੀਆ ਸ਼ਾਮਲ ਹੈ। ਤੁਸੀਂ ਸਿਰਫ਼ ਮੋਦੀ ਤੇ ਉਨ੍ਹਾਂ ਦੇ ਟੋਲੇ ਜਾਂ ਬੌਲੀਵੁੱਡ ਤੇ ਕ੍ਰਿਕਟ ਹਸਤੀਆਂ ਬਾਰੇ ਸਧਾਰਨ ਰਿਪੋਰਟਾਂ ਹੀ ਦੇਖਦੇ ਹੋ। ਵੱਡੇ ਪੱਧਰ ’ਤੇ ਪ੍ਰਚਾਰੀ ਰਾਮ ਮੰਦਿਰ ਦੀ ‘ਪ੍ਰਾਣ ਪ੍ਰਤਿਸ਼ਠਾ’ ਰਸਮ ਦੌਰਾਨ ਵੀ ਸਿਰਫ਼ ਵੱਡੇ ਚਿਹਰੇ ਹੀ ਦਿਸੇ, ਉਥੇ ਇਕ ਕਿਸਾਨ, ਇਕ ਮਜ਼ਦੂਰ, ਇਕ ਆਮ ਆਦਮੀ ਨਜ਼ਰ ਨਹੀਂ ਆਇਆ।’’
ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਸਾਡੇ ਵਿਰੋਧੀ ਇਸ ਵਾਅਦੇ ਨੂੰ ਲੈ ਕੇ ਭਾਵੇਂ ਸਾਡਾ ਮਖੌਲ ਉਡਾਉਣ। ਪਰ ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਅਸੀਂ ਕਿਸਾਨਾਂ ਦਾ 70,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕੀਤਾ ਸੀ।’’ ਉਨ੍ਹਾਂ ਜਾਤੀ ਸਰਵੇਖਣ ਕਰਵਾਉਣ ਦੀ ਕਾਂਗਰਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਇਸ ਨੂੰ ‘ਸਮਾਜ ਦਾ ਐਕਸਰੇਅ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ‘ਇਨਕਲਾਬੀ ਪੇਸ਼ਕਦਮੀ’ ਹੋਵੇਗੀ ਤੇ ਇਸ ਦਾ ਅਸਰ ਵੀ ‘ਹਰੇ ਇਨਕਲਾਬ’ ਤੇ ‘ਕੰਪਿਊਟਰ ਇਨਕਲਾਬ’ ਵਰਗਾ ਹੋਵੇਗਾ। ਉਧਰ ਰਾਹੁਲ ਗਾਂਧੀ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੇਡੀਯੂ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜੰਮ ਕੇ ਭੰਡਿਆ। ਉਨ੍ਹਾਂ ਕਿਹਾ ਕਿ ਪੁਰਾਣੀ ਕਹਾਵਤ ‘ਆਇਆ ਰਾਮ ਗਿਆ ਰਾਮ’ ਨੂੰ ਹੁਣ ਬਦਲ ਕੇ ‘ਆਇਆ ਕੁਮਾਰ ਗਿਆ ਕੁਮਾਰ’ ਕਰ ਦੇਣਾ ਚਾਹੀਦਾ ਹੈ।