ਨਵੀਂ ਦਿੱਲੀ:ਪਾਕਿਸਤਾਨ ’ਚ ਬਰਤਾਨੀਆ ਦੇ ਹਾਈ ਕਮਿਸ਼ਨਰ ਵੱਲੋਂ ਮਕਬੂਜ਼ਾ ਕਸ਼ਮੀਰ (ਪੀਓਕੇ) ਦਾ ਦੌਰਾ ਕਰਨ ’ਤੇ ਭਾਰਤ ਨੇ ਸਖ਼ਤ ਰੋਸ ਜਤਾਇਆ ਹੈ। ਭਾਰਤ ਨੇ ਇਸ ਸਬੰਧੀ ਬਰਤਾਨੀਆ ਕੋਲ ਰੋਸ ਜ਼ਾਹਿਰ ਕੀਤਾ ਹੈ। ਇਸ ਮੌਕੇ ਹਾਈ ਕਮਿਸ਼ਨਰ ਦੇ ਨਾਲ ਇਕ ਹੋਰ ਬਰਤਾਨਵੀ ਅਧਿਕਾਰੀ ਵੀ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਅਜਿਹਾ ਉਲੰਘਣ ‘ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਰਤ ਨੇ ਇਸਲਾਮਾਬਾਦ ਵਿਚਲੇ ਬਰਤਾਨਵੀ ਹਾਈ ਕਮਿਸ਼ਨਰ ਦੇ ਬੇਹੱਦ ਇਤਰਾਜ਼ਯੋਗ ਦੌਰੇ ਦਾ ਗੰਭੀਰ ਨੋਟਿਸ ਲਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਰਤਾਨਵੀ ਵਿਦੇਸ਼ ਵਿਭਾਗ ਦਾ ਅਧਿਕਾਰੀ ਵੀ ਸੀ। ਉਹ 10 ਜਨਵਰੀ ਨੂੰ ਮਕਬੂਜ਼ਾ ਕਸ਼ਮੀਰ ਗਏ ਸਨ। ਵਿਦੇਸ਼ ਸਕੱਤਰ ਨੇ ਇਸ ਉਲੰਘਣ ਸਬੰਧੀ ਭਾਰਤ ਵਿਚਲੇ ਬਰਤਾਨਵੀ ਹਾਈ ਕਮਿਸ਼ਨਰ ਕੋਲ ਸਖ਼ਤ ਰੋਸ ਜਤਾਇਆ ਹੈ।’