ਇੰਫਾਲ–ਕਾਂਗਰਸ ਭਲਕੇ 14 ਜਨਵਰੀ ਤੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਮਨੀਪੁਰ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰੇਗੀ ਜਿਸ ਰਾਹੀਂ ਉਸ ਦੀ ਕੋਸ਼ਿਸ਼ ਹੋਵੇਗੀ ਕਿ ਲੋਕ ਸਭਾ ਚੋਣਾਂ ’ਚ ਬੇਰੁਜ਼ਗਾਰੀ, ਮਹਿੰਗਾਈ ਤੇ ਸਮਾਜਿਕ ਨਿਆਂ ਨਾਲ ਜੁੜੇ ਮਸਲਿਆਂ ਨੂੰ ਚਰਚਾ ਦੇ ਕੇਂਦਰ ’ਚ ਲਿਆਂਦਾ ਜਾਵੇ। ਇਹ ਯਾਤਰਾ ਭਲਕੇ ਮਨੀਪੁਰ ਦੀ ਰਾਜਧਾਨੀ ਇੰਫਾਲ ਨੇੜੇ ਥੋਬਲ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ ਦੇ ਤੀਜੇ ਹਫ਼ਤੇ ਮੁੰਬਈ ’ਚ ਇਸ ਦੀ ਸਮਾਪਤੀ ਹੋਵੇਗੀ। ਇਸ ਯਾਤਰਾ ’ਚ ਇੰਡੀਆ ਗੱਠਜੋੜ ’ਚ ਸ਼ਾਮਲ ਪਾਰਟੀਆਂ ਵੀ ਸ਼ਾਮਲ ਹੋਣਗੀਆਂ।
ਕਾਂਗਰਸ ਨੇ ਦੱਸਿਆ ਕਿ ਇਸ ਯਾਤਰਾ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਝੰਡੀ ਦਿਖਾ ਕੇ ਰਵਾਨਾ ਕਰਨਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੱਢੀ ਜਾ ਰਹੀ ਇਹ ਯਾਤਰਾ 67 ਦਿਨਾਂ ਅੰਦਰ 15 ਰਾਜਾਂ ਤੇ 110 ਜ਼ਿਲ੍ਹਿਆਂ ’ਚੋਂ ਹੋ ਕੇ ਲੰਘੇਗੀ। ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਤਕਰੀਬਨ 6700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਯਾਤਰਾ ਜ਼ਿਆਦਾਤਰ ਬੱਸ ਰਾਹੀਂ ਹੋਵੇਗੀ ਪਰ ਕਿਤੇ-ਕਿਤੇ ਪੈਦਲ ਯਾਤਰਾ ਵੀ ਹੋਵੇਗੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲਈ ਇਹ ਯਾਤਰਾ ਰਣਨੀਤੀ ਪੱਖੋਂ ਕਾਫੀ ਅਹਿਮ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ 7 ਸਤੰਬਰ 2022 ਤੋਂ 30 ਜਨਵਰੀ 2023 ਤੱਕ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਕੱਢੀ ਸੀ। 136 ਦਿਨ ਦੀ ਇਸ ਪੈਦਲ ਯਾਤਰਾ ਦੌਰਾਨ 12 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਲੰਘਦੇ ਹੋਏ 4081 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਸੀ।