ਸੰਜੈ ਸਿੰਘ ਤੋਂ ਬਿਨਾਂ ਡਬਲਿਊਐੱਫਆਈ ਸਾਨੂੰ ਮਨਜ਼ੂਰ: ਸਾਕਸ਼ੀ

ਨਵੀਂ ਦਿੱਲੀ

ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਅੱਜ ਕਿਹਾ ਕਿ ਨਵੀਂ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਤੋਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਨੂੰ ਇਸ ਤੋਂ ਵੱਖ ਰੱਖਿਆ ਜਾਂਦਾ ਹੈ। ਸਾਕਸ਼ੀ ਨੇ 21 ਦਸੰਬਰ ਨੂੰ ਸੰਜੈ ਸਿੰਘ ਦੇ ਡਬਲਿਊਐੱਫਆਈ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ। ਇਸ ਦੌਰਾਨ ਉਸ ਨੇ ਆਪਣੀ ਨੂੰ ਮਾਂ ਫੋਨ ’ਤੇ ਧਮਕੀਆਂ ਮਿਲਣ ਦਾ ਦਾਅਵਾ ਵੀ ਕੀਤਾ।

ਸਾਕਸ਼ੀ (31) ਨੇ ਕਿਹਾ ਕਿ ਉਹ ਸੰਜੇ ਸਿੰਘ ਤੋਂ ਬਿਨਾਂ ਡਬਲਿਊਐੱਫਆਈ ਨੂੰ ਸਵੀਕਾਰ ਕਰਨਗੇ ਪਰ ਨਾਲ ਹੀ ਮਹਿਲਾ ਪਹਿਲਵਾਨ ਨੇ ਫੈਡਰੇਸ਼ਨ ਦੇ ਸੰਚਾਲਨ ’ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ। ਸਾਕਸ਼ੀ ਮਲਿਕ ਨੇ ਕਿਹਾ, ‘‘ਸਾਨੂੰ ਇੱਕ ਵਿਅਕਤੀ ਸੰਜੈ ਸਿੰਘ ਤੋਂ ਇਲਾਵਾ ਨਵੀਂ ਫੈਡਰੇਸ਼ਨ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਜੇਕਰ ਨਵੀਂ ਬਾਡੀ ਸੰਜੈ ਸਿੰਘ ਤੋਂ ਬਿਨਾਂ ਕੰਮ ਕਰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।’’ ਉਸ ਨੇ ਕਿਹਾ, ‘‘ਸਰਕਾਰ ਸਾਡੇ ਲਈ ਮਾਪਿਆਂ ਵਾਂਗ ਹੈ ਅਤੇ ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਆਉਣ ਵਾਲੇ ਪਹਿਲਵਾਨਾਂ ਲਈ ਕੁਸ਼ਤੀ ਨੂੰ ਸੁਰੱਖਿਅਤ ਬਣਾਓ। ਤੁਸੀਂ ਦੇਖਿਆ ਹੈ ਕਿ ਸੰਜੈ ਸਿੰਘ ਦਾ ਵਿਹਾਰ ਕਿਹੋ ਜਿਹਾ ਸੀ। ਮੈਂ ਫੈਡਰੇਸ਼ਨ ਵਿੱਚ ਸੰਜੈ ਸਿੰਘ ਦਾ ਦਖ਼ਲ ਨਹੀਂ ਚਾਹੁੰਦੀ।’’ ਸਾਕਸ਼ੀ ਮਲਿਕ ਨੇ ਆਖਿਆ, ‘‘ਮੈਂ ਸਿਰਫ ਬੇਨਤੀ ਹੀ ਕਰ ਸਕਦੀ ਹਾਂ। ਜੇਕਰ ਮੰਤਰਾਲਾ ਕਹਿੰਦਾ ਹੈ ਕਿ ਉਹ ਵਾਪਸ ਨਹੀਂ ਆਵੇਗਾ ਤਾਂ ਚੰਗੀ ਗੱਲ ਹੈ। ਸਾਰਿਆਂ ਨੇ ਦੇਖਿਆ ਕਿ ਡਬਲਿਊਐੱਫਆਈ ਚੋਣਾਂ ਤੋਂ ਬਾਅਦ ਬ੍ਰਿਜ ਭੂਸ਼ਨ ਸਿੰਘ ਨੇ ਕਿਵੇਂ ਸੱਤਾ ਦੀ ਦੁਰਵਰਤੋਂ ਕੀਤੀ। ਬਿਨਾਂ ਕਿਸੇ ਨੂੰ ਪੁੱਛਿਆਂ ਆਪਣੇ ਸ਼ਹਿਰ ਵਿੱਚ ਜੂਨੀਅਰ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕਰ ਦਿੱਤਾ।’’ ਮਹਿਲਾ ਪਹਿਲਵਾਨ ਨੇ ਐਡਹਾਕ ਕਮੇਟੀ ਨੂੰ ਜੂਨੀਅਰ ਵਰਗ ਦੇ ਟੂਰਨਾਮੈਂਟ ਜਲਦੀ ਕਰਵਾਉਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ, ‘‘ਮੈਂ ਨਹੀਂ ਚਾਹੁੰਦੀ ਕਿ ਸਾਡੇ ਕਾਰਨ ਜੂਨੀਅਰ ਪਹਿਲਵਾਨਾਂ ਦਾ ਨੁਕਸਾਨ ਹੋਵੇ। ਐਡਹਾਕ ਕਮੇਟੀ ਵੱਲੋਂ ਸੀਨੀਅਰ ਕੌਮੀ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਹੁਣ ਮੈਂ ਅਪੀਲ ਕਰਦੀ ਹਾਂ ਕਿ ਅੰਡਰ-15, ਅੰਡਰ-17 ਅਤੇ ਅੰਡਰ-20 ਕੌਮੀ ਚੈਂਪੀਅਨਸ਼ਿਪ ਦਾ ਵੀ ਐਲਾਨ ਕੀਤਾ ਜਾਵੇ।’’ ਇਹ ਪੁੱਛਣ ’ਤੇ ਕਿ ਕੀ ਉਹ ਖੇਡ ਪ੍ਰਸ਼ਾਸਕ ਬਣਨਾ ਚਾਹੁੰਦੀ ਹੈ ਤਾਂ ਉਨ੍ਹਾਂ ਕਿਹਾ, ‘‘ਨਹੀਂ।’’ ਸਾਕਸ਼ੀ ਨੇ ਆਖਿਆ, ‘‘ਮੈਂ ਪ੍ਰੇਸ਼ਾਨ ਹਾਂ। ਮੈਂ ਬੱਸ ਇੰਨਾ ਹੀ ਚਾਹੁੰਦੀ ਹਾਂ ਕਿ ਜੂਨੀਅਰ ਪਹਿਲਵਾਨਾਂ ਦਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਹਾਲੇ ਮੇਰੇ ਦਿਮਾਗ ਵਿੱਚ ਕੁਝ ਨਹੀਂ ਹੈ। ਸਾਨੂੰ ਜੂਨੀਅਰ ਪਹਿਲਵਾਨਾਂ ਦੇ ਨੁਕਸਾਨ ਲਈ ਦੋਸ਼ੀ ਠਹਿਰਰਾਇਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਜੇਕਰ ਔਰਤਾਂ ਖੇਡ ਪ੍ਰਸ਼ਾਸਨ ਵਿੱਚ ਹੋੋੋੋਣਗੀਆਂ ਤਾਂ ਵਧੀਆ ਰਹੇਗਾ।’’ ਜੂਨੀਅਰ ਪਹਿਲਵਾਨਾਂ ਵੱਲੋਂ ਉਨ੍ਹਾਂ ਖ਼ਿਲਾਫ਼ ਜੰਤਰ-ਮੰਤਰ ’ਤੇ ਕੀਤੇ ਪ੍ਰਦਰਸ਼ਨ ਸਬੰਧੀ ਸਾਕਸ਼ੀ ਮਲਿਕ ਨੇ ਕਿਹਾ, ‘‘ਮੈਂ ਕੁਸ਼ਤੀ ਨੂੰ 18 ਤੋਂ 20 ਸਾਲ ਦਿੱਤੇ ਹਨ। ਮੈਂ ਹੀ ਜਾਣਦੀ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਮੈਂ ਕੀ ਕੁਝ ਬਰਦਾਸ਼ਤ ਕੀਤਾ ਹੈ।’’ -ਪੀਟੀਆਈ

ਮਹਿਲਾ ਪਹਿਲਵਾਨ ਵੱਲੋਂ ਮਾਂ ਨੂੰ ਫੋਨ ’ਤੇ ਧਮਕੀਆਂ ਮਿਲਣ ਦਾ ਦਾਅਵਾ

ਸਾਕਸ਼ੀ ਮਲਿਕ ਨੇ ਦਾਅਵਾ ਕੀਤਾ ਕਿ ਉਸ ਦੀ ਮਾਂ ਨੂੰ ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਦੇ ਸਮਰਥਕ ਧਮਕੀ ਭਰੇ ਫੋਨ ਕਰ ਰਹੇ ਹਨ। ਸਾਕਸ਼ੀ ਮਲਿਕ ਨੇ ਦਾਅਵਾ ਕੀਤਾ, ‘‘ਪਿਛਲੇ ਦੋ ਤਿੰਨ ਦਿਨਾਂ ਤੋਂ ਬ੍ਰਿਜ ਭੂਸ਼ਨ ਦੇ ਗੁੰਡੇ ਸਰਗਰਮ ਹੋ ਗਏ ਹਨ। ਮੇਰੀ ਮਾਂ ਨੂੰ ਧਮਕੀ ਭਰੇ ਫੋਨ ਕੀਤੇ ਜਾ ਰਹੇ ਹਨ। ਲੋਕ ਫੋਨ ਕਰ ਕੇ ਆਖ ਰਹੇ ਹਨ ਕਿ ਮੇਰੇ ਘਰ ’ਚ ਕਿਸੇ ਵਿਰੁੱਧ ਕੇਸ ਦਰਜ ਹੋਵੇਗਾ। ਸੋਸ਼ਲ ਮੀਡੀਆ ’ਤੇ ਲੋਕ ਸਾਨੂੰ ਗਾਲ੍ਹਾਂ ਕੱਢ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ (ਲੋਕਾਂ) ਦੇ ਘਰਾਂ ਵਿੱਚ ਵੀ ਧੀਆਂ-ਭੈਣਾਂ ਹਨ।’’

About the Author

admin