ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ

ਉੱਤਰਕਾਸ਼ੀ, 29 ਨਵੰਬਰ (ਦ ਦ) : ਚਾਰਧਾਮ ਆਲ ਵੇਦਰ ਪ੍ਰੋਜੈਕਟ (ਉੱਤਰਕਾਸ਼ੀ ਟਨਲ ਰੈਸਕਿਊ ਆਪ੍ਰੇਸ਼ਨ) ਦੇ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੀ ਜਾਨ ਬਚਾਉਣ ਲਈ ਬਚਾਅ ਕਾਰਜ ਅੱਜ ਸਫ਼ਲ ਰਿਹਾ। 17ਵੇਂ ਦਿਨ ਉੱਤਰਕਾਸ਼ੀ ਸੁਰੰਗ ਹਾਦਸੇ ‘ਚ ਵੱਡੀ ਕਾਮਯਾਬੀ ਮਿਲੀ ਹੈ। ਸੁਰੰਗ ‘ਚ ਫਸੇ ਸਾਰੇ 41 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਰਾਸ਼ਟਰਪਤੀ ਮੁਰਮੂ ਨੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ‘ਤੇ ਖੁਸ਼ੀ ਜ਼ਾਹਰ ਕੀਤੀ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵਿੱਟਰ ‘ਤੇ ਕਿਹਾ, “ਮੈਨੂੰ ਇਹ ਜਾਣ ਕੇ ਰਾਹਤ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉੱਤਰਾਖੰਡ ਵਿੱਚ ਸੁਰੰਗ ਵਿੱਚ ਫਸੇ ਸਾਰੇ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਮਜ਼ਦੂਰਾਂ ਦੇ ਬਚਾਅ ਕਾਰਜ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਇਹ ਮਨੁੱਖੀ ਧੀਰਜ ਦਾ ਪ੍ਰਮਾਣ ਹੈ। ਰਾਸ਼ਟਰ ਉਨ੍ਹਾਂ ਨੂੰ ਸਲਾਮ ਕਰਦਾ ਹੈ।”

ਮੈਨੂੰ ਬਹੁਤ ਖੁਸ਼ੀ ਹੈ ਕਿ ਸੁਰੰਗ ਵਿੱਚ ਫਸੇ ਸਾਰੇ ਮਜ਼ਦੂਰਾਂ ਨੂੰ ਬਚਾਉਣ ਵਿੱਚ ਸਫਲਤਾ ਮਿਲੀ – ਗਡਕਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, “ਮੈਨੂੰ ਬੇਹੱਦ ਖੁਸ਼ੀ ਹੈ ਕਿ ਸਿਲਕਿਆਰਾ ਸੁਰੰਗ ਦੇ ਅੰਦਰ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ। ਪੀਐਮਓ ਦੀ ਅਗਵਾਈ ਵਿੱਚ ਸਾਰੀਆਂ ਏਜੰਸੀਆਂ ਨੇ ਦਿਨ ਰਾਤ ਕੰਮ ਕੀਤਾ ਹੈ। ਮੈਂ ਉਨ੍ਹਾਂ ਕਰਮਚਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਵਿੱਚ ਸਹਿਯੋਗ ਕੀਤਾ। ਹੁਣ ਸੁਰੰਗ ਦਾ ਸੇਫਟੀ ਆਡਿਟ ਵੀ ਕੀਤਾ ਜਾਵੇਗਾ।