ਪੰਜਾਬ ’ਚ ਅੱਜ ਬਾਰਿਸ਼ ਦੀ ਸੰਭਾਵਨਾ, ਵਧੇਗੀ ਠੰਢ

ਲੁਧਿਆਣਾ, 29 ਨਵੰਬਰ (ਦ ਦ) : ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਅਸਰ ਨਾਲ ਪੰਜਾਬ ’ਚ 30 ਨਵੰਬਰ ਤੱਕ ਬੱਦਲਵਾਈ ਰਹਿਣ, ਹਲਕੀ ਬਾਰਿਸ਼ ਤੇ ਬੂੰਦਾਬਾਂਦੀ ਦੇ ਆਸਾਰ ਹਨ। ਇਹੀ ਨਹੀਂ ਪੰਜਾਬ ਦੇ ਕਈ ਇਲਾਕਿਆਂ ਸੰਘਣੀ ਧੁੰਦ ਵੀ ਪਵੇਗੀ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ ਪੱਛਮੀ ਮਾਲਵੇ ਨੂੰ ਛੱਡ ਕੇ ਪੰਜਾਬ ਦੇ ਬਹੁਤੇ ਇਲਾਕਿਆਂ ਗੜਬੜ ਵਾਲੀਆਂ ਪੱਛਮੀ ਪੌਣਾਂ ਦਾ ਅਸਰ ਰਹੇਗਾ। ਇਸ ਦੌਰਾਨ ਰਾਤ ਦੇ ਤਾਪਮਾਨ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਜਦਕਿ ਦਿਨ ਦੇ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਪਹਿਲੀ ਦਸੰਬਰ ਤੋਂ ਮੌਸਮ ਖ਼ੁਸ਼ਕ ਰਹੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਬੱਦਲ ਛਾਏ ਰਹੇ ਤੇ ਕੁਝ ਥਾਵਾਂ ’ਤੇ ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਹੋਈ।