ਤਹਿਰਾਨ/ਦੁਬਈ
ਇਰਾਨ ਦੇ ਕਰਮਾਨ ਸ਼ਹਿਰ ਵਿੱਚ ਫੌਜੀ ਜਰਨੈਲ ਕਾਸਿਮ ਸੁਲੇਮਾਨੀ ਦੀ ਚੌਥੀ ਬਰਸੀ ਲਈ ਰੱਖੇ ਸਮਾਗਮ ਦੌਰਾਨ ਉਪਰੋ-ਥੱਲੀ ਦੋ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 103 ਵਿਅਕਤੀ ਹਲਾਕ ਤੇ 188 ਹੋਰ ਜ਼ਖ਼ਮੀ ਹੋ ਗਏ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਜ਼ਖ਼ਮੀਆਂ ’ਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ। ਹਮਲੇ ਦੀ ਭਾਵੇਂ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਪਰ ਇਸ ਨੂੰ 1979 ਦੇ ਇਸਲਾਮਿਕ ਇਨਕਲਾਬ ਮਗਰੋਂ ਇਰਾਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸਭ ਤੋਂ ਭਿਆਨਕ ਦਹਿਸ਼ਤੀ ਹਮਲਾ ਮੰਨਿਆ ਜਾ ਰਿਹਾ ਹੈ। ਸੁਲੇਮਾਨੀ 2020 ਵਿੱਚ ਅਮਰੀਕੀ ਡਰੋਨ ਹਮਲੇ ’ਚ ਮਾਰਿਆ ਗਿਆ ਸੀ। ਰਾਜਧਾਨੀ ਤਹਿਰਾਨ ਤੋਂ ਦੱਖਣ-ਪੂਰਬ ਵੱਲ ਕਰੀਬ 820 ਕਿਲੋਮੀਟਰ ਦੂਰ ਕਰਮਾਨ ਵਿਚ ਹੋਏ ਧਮਾਕਿਆਂ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਧਮਾਕੇ ਸੁਲੇਮਾਨੀ ਦੀ ਕਬਰ ਨੇੜੇ ਹੋਏ ਤੇ ਇਸ ਮੌਕੇੇ ਲੋਕ ਉਥੇ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਸਨ। ਇਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਪਹਿਲਾ ਧਮਾਕਾ ਸ਼ਾਮੀਂ ਤਿੰਨ ਵਜੇ ਦੇ ਕਰੀਬ ਕੀਤਾ ਗਿਆ ਜਦੋਂਕਿ ਦੂਜਾ ਧਮਾਕਾ ਕਰੀਬ 20 ਮਿੰਟ ਬਾਅਦ ਹੋਇਆ। ਉਨ੍ਹਾਂ ਕਿਹਾ ਕਿ ਦੂਜੇ ਧਮਾਕੇ ਦੀ ਸ਼ਿੱਦਤ ਵੱਧ ਸੀ, ਜਿਸ ਕਰਕੇ ਸਭ ਤੋਂ ਵਧ ਜਾਨਾਂ ਗਈਆਂ ਤੇ ਵੱਡੀ ਗਿਣਤੀ ਲੋਕ ਜ਼ਖ਼ਮੀ ਹੋ ਗਏ। ਦਹਿਸ਼ਤਗਰਦਾਂ ਵੱਲੋਂ ਆਮ ਕਰਕੇ ਦੂਜਾ ਧਮਾਕਾ ਐਮਰਜੈਂਸੀ ਅਮਲੇ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾਂਦਾ ਹੈ। ਸਰਕਾਰੀ ਟੀਵੀ ਤੇ ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਮੌਤਾਂ ਦੀ ਗਿਣਤੀ ਲਈ ਐਮਰਜੈਂਸੀ ਅਧਿਕਾਰੀਆਂ ਦਾ ਹਵਾਲਾ ਦਿੱਤਾ ਹੈ।